ਦਿਸਹੱਦੇ ਤੋਂ ਦਿਸਹੱਦੇ ਤੀਕ
ਝੱਗਦਾਰ ਜਾਮਨੀ ਰੰਗ ਦੀਆਂ ਛੱਲਾਂ
ਦੌੜਦੀਆਂ ਹਨ
ਅੱਗੜ ਪਿੱਛੜ ।
ਕੈਸਪੀਅਨ ਸਾਗਰ
ਵਹਿਸ਼ੀ ਹਵਾ ਦੀ ਭਾਸ਼ਾ ਵਿਚ
ਗੱਲਾਂ ਕਰਦਾ ਹੈ,
ਗੱਲਾਂ ਕਰਦਾ ਤੇ ਉੱਬਲਦਾ ।
ਕਿਹਨੇ ਕਿਹਾ ਸੀ, "ਚੋਰਟ ਵਾਜ਼ਮੀ" ।
ਉਸ ਝੀਲ ਵਾਂਗ
ਜਿਹੜੀ ਕੈਸਪੀਅਨ ਸਾਗਰ
ਵਿਚ ਡੁੱਬ ਮਰਦੀ ਹੈ ।
ਬੇਮੁਹਾਰਾ, ਲੂਣਾ, ਅਸੀਮ, ਬੇਘਰਾ
ਕੈਸਪੀਅਨ ਸਾਗਰ
ਦੋਸਤ ਘੁੰਮਦੇ ਨੇ
ਦੁਸ਼ਮਣ ਅਵਾਰਾ-ਗਰਦੀ ਕਰਦੇ ਨੇ
ਸਮੁੰਦਰੀ-ਛੱਲ ਇਕ ਪਹਾੜ ਹੈ
ਕਿਸ਼ਤੀ ਇਕ ਵਛੇਰੀ
ਲਹਿਰ ਇਕ ਪਹਾੜੀ ਚਸ਼ਮਾ ਹੈ
ਕਿਸ਼ਤੀ ਇਕ ਠੂਠਾ ।
ਸੀਖ-ਪੌ ਹੋਏ ਘੋੜੇ ਦੀ ਪਿੱਠ ਤੋਂ
ਕਿਸ਼ਤੀ ਥੱਲੇ ਡਿੱਗਦੀ ਹੈ ।
ਪਿਛਲੀਆਂ ਲੱਤਾਂ 'ਤੇ ਖਲੋਤੇ
ਘੋੜੇ ਦੀ ਪਿੱਠ ਤੋਂ
ਬੇੜੀ ਉਤਾਂਹ ਉੱਠਦੀ ਹੈ
ਕਦੇ ਉੱਪਰ ਉੱਠਦੀ ਹੈ
ਕਦੇ ਹੇਠਾਂ ਡਿੱਗਦੀ ਹੈ ।
ਤੇ ਤੁਰਕੀ ਮਾਹੀਗੀਰ
ਪਤਵਾਰ ਸੰਭਾਲੀ
ਲੱਤ 'ਤੇ ਲੱਤ ਰੱਖੀ, ਅਡੋਲ ਬੈਠਾ ਹੈ ।
ਸਿਰ 'ਤੇ ਫ਼ਰ ਦੀ ਟੋਪੀ
ਵੱਡੀ, ਕਾਲੀ,
ਕਿਆ ਬਾਤ ਹੈ ਟੋਪੀ ਦੀ ।
ਲੇਲੇ ਦੀ ਛਾਤੀ ਦੀ ਖੱਲ ਤੋਂ ਬਣੀ ਟੋਪੀ
ਸਿਰ 'ਤੇ ਟਿਕਾਈ
ਲੇਲੇ ਦੀ ਖੱਲ ਉਸਦੀਆਂ
ਅੱਖਾਂ 'ਤੇ ਪੈਂਦੀ ਹੈ ।
ਬੇੜੀ ਉਤਾਂਹ ਉੱਠਦੀ ਹੈ
ਫਿਰ ਹੇਠਾਂ ਡਿੱਗਦੀ ਹੈ ।
ਪਰ ਇਹ ਨਾ ਸਮਝੋ ਕਿ ਉਹ
ਕੈਸਪੀਅਨ ਸਾਗਰ ਨੂੰ
ਨਮਸਕਾਰ ਕਰ ਰਿਹਾ ਹੈ ।
ਮਹਾਤਮਾ ਬੁੱਧ ਦੀ ਅਡੋਲਤਾ ਵਾਂਗ
ਇਕਾਗਰ,
ਮਲਾਹ ਨੂੰ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਹੈ,
ਉਹ ਬੇੜੀ ਵੱਲ ਤੱਕਦਾ ਹੀ ਨਹੀਂ
ਨਾ ਹਉਕੇ ਭਰਦੇ ਪਾਣੀਆਂ ਵੱਲ ਹੀ ।
ਟਕਰਾਉਂਦੇ, ਚੀਰਦੇ ਪਾਣੀਆਂ ਵੱਲ ।
ਡਿਗਦੇ ਹੋਏ ਘੋੜੇ ਦੀ ਪਿੱਠ ਤੋਂ
ਕਿਸ਼ਤੀ ਹੇਠਾਂ ਤਿਲਕਦੀ ਹੈ
ਪਰ ਤੱਕੋ !
ਉੱਤਰ-ਪੱਛਮੀ ਪੌਣ ਕਿੰਨੀ ਤੇਜ਼ ਵਗ ਰਹੀ ਹੈ
ਵੇਖੋ, ਸਾਗਰ ਦੀਆਂ ਚਲਾਕੀਆਂ
ਤੁਹਾਨੂੰ ਲੈ ਡੁਬਣਗੀਆਂ
ਖੇਡਾਂ ਖੇਡਦੀਆਂ ਕੱਪਰ-ਛੱਲਾਂ
ਬਾਜ਼ੀ ਮਾਤ ਪਾ ਦੇਣਗੀਆਂ ।
ਹੇ ਮਨੁੱਖ ! ਪ੍ਰਵਾਹ ਨਾ ਕਰੀਂ । ਹਵਾ ਨੂੰ ਵਗਣ ਦੇ
ਪਾਣੀਆਂ ਨੂੰ 'ਸ਼ਾਂ ਸ਼ਾਂ' ਕਰਨ ਦੇ ।
ਸਾਗਰ ਕੰਢੇ ਵੱਸਦੇ ਲੋਕਾਂ ਦੀ
ਕਬਰ ਪਾਣੀ ਵਿਚ ਹੀ ਬਣਦੀ ਹੈ ।
ਬੇੜੀ ਉਤਾਂਹ ਜਾਂਦੀ ਹੈ
ਬੇੜੀ ਹੇਠਾਂ ਉਤਰਦੀ ਹੈ
ਕਦੇ ਉੱਤੇ,
ਕਦੇ ਥੱਲੇ
ਉੱਪਰ-ਥੱਲੇ…