ਅਫਗਾਨੀਸਤਾਨ ਦਾ ਅੱਜ ਦੇ ਪੰਜਾਬ ਨੂੰ ਸਵਾਲ...................
ਪੰਜਾਬ ਸਿਆਂ ਕੀ ਹਾਲ ੲੇ....ਸਿਰ ਜਿਹਾ ਕਿਉਂ ਸਿੱਟੀ ਬੈਠਾਂ?? ਪਛਾਣਿਆ ਮੈਂਨੂੰ ?
ਓ ਦੇਖ ਤਾਂ ਸਹੀ ਉਤਾਂਹ ਨੂੰ...!!
ਮੈਂ ਅਫਗਾਨ...
ਓਹੀ ਆਂ ਸ਼ਰੀਕ ਤੇਰਾ ਜੋ ਤੈਨੂੰ ਢਾਹੁਣ ਨੂੰ ਫਿਰਦਾ ਸੀ,
ਬੜੇ ਦਿਨ ਸੀ ਮੱਲਾ ਤੇਰੇ ਓਦੋਂ....
ਮੇਰੀ ਹਿੱਕ ਦਾ ਸਰਾਹਣਾ ਲਾ ਕੇ ਸੌਂਦਾ ਸੀ,
ਤਿੱਬਤ ਤੱਕ ਦੇ ਬਰਫੀਲੇ ਪਹਾੜ, ਰਾਜਸਥਾਨ ਦਾ ਮਾਰੂਥਲ ਤੇਰੀਆਂ ਬਾਹਾਂ ਦੀ ਬੁੱਕਲ 'ਚ ਹੁੰਦਾ ਸੀ....ਦਿੱਲੀ ਤੇਰੇ ਪੈਰਾਂ ਵਿੱਚ ਕਿਵੇਂ ਗਰੀਬੜੀ ਵਾਂਗ ਪਈ ਹੁੰਦੀ ਸੀ....
ਬੜੇ ਸ਼ੇਰ ਪੁੱਤ ਜੰਮੇ ਸੀ ਤੂੰ....
ਮੇਰੇ ਪੁੱਤ ਬਾਬਰ ਨੂੰ ਜ਼ਾਬਰ ਕਹਿੰਦਾ ਥੱਕਦਾ ਨੀ ਸੀ ਮੂੰਹ ਤੇ,
ਫਿਰ ਮੈਂ ਅਬਦਾਲੀ ਨੂੰ ਘੱਲਿਆ ਸੀ ਤੈਨੂੰ ਢਾਹੁਣ ਲੲੀ,ਵਿਚਾਰਾ ਹਮਲੇ ਕਰਦਾ ਥੱਕ ਗਿਆ...!!
ਨਾਦਰ ਸ਼ਾਹ ਵਰਗਾ ਤੇਰੇ ਤੋਂ ਜਾਨ ਛੁਡਾ, ਸਿੱਧਾ ਲਾਹੌਰ ਜਾ ਜ਼ਕਰੀਏ ਨੂੰ ਪੁੱਛਦਾ ਸੀ ਆਹ ਕੌਣ ਨੇ ਸ਼ੇਰ ਦੀ ਦਾੜ੍ਹ ਚੋਂ ਮਾਸ ਖੋਹਣ ਵਾਲੇ..? ਇਹ ਕੌਣ ਬਲਾਵਾਂ ਨੇ ਜਿਹਨਾਂ ਮੇਰਾ ਖੂੰਖਾਰ ਭੁੱਖੇ ਸ਼ੇਰਾਂ ਵਾਂਗ ਪਿੱਛਾ ਕੀਤਾ ਏ....!!
ਹੋਰ ਵੀ ਕਈ ਗਜਨਵੀ ਵਰਗੇ ਮੇਰੇ ਯੋਧਿਆਂ ਦੇ ਮੂੰਹ ਭੰਨੇ ਸੀ ਤੂੰ....
ਤੇਰਾ ਤਾਂ ਹਰੀ ਸਿੰਘ ਨਲੂਅਾ ਨੀ ਸੀ ਮਾਨ ਭਰਾਵਾ..!!
ਅਜੇ ਵੀ ਮੇਰੇ ਪੋਤਰੇ-ਪੜਪੋਤਰੇ ਡਰਦੇ ਨੇ ਓਹਦੇ ਨਾਂਮ ਤੋਂ...!!
ਕੋੲੀ ਨੀ ਢਾਹ ਸਕਿਆ ਸੀ ਤੈਨੂੰ...
ਹੁਣ ਸੁਣਾ....!
ਹੁਣ ਕੀ ਹੋ ਗਿਆ....??
ਹੁਣ ਤਾਂ ਮੈਂ ਨੀ ਭੇਜਿਆ ਕਿਸੇ ਨੂੰ..!
ਹੁਣ ਤਾਂ ਮੈਂ ਫਸਲ ਵੇਚਦਾਂ ਤੇ ਤੇਰੇ ਪੁੱਤ ਖਰੀਦ ਦੇ ਆ....
ਕੀ ਕਹਿੰਦੇ ਆ ਉਹਨੂੰ ਥੋਡੇ ੲਿਥੇੇ.?
ਆਹੋ ਚਿੱਟਾ....
ਦੇਖ ਲੈ ਢਾਹ ਲਿਆ ਨਾ ਮੈਂ ਤੈਨੂੰ ਪੰਜਾਬ ਸਿਆਂ....
ਢਾਹ ਲਿਆ ਨਾ ਢਾਹ....
ਹਾ.ਹਾ..ਹਾ...ਹਾ....ਹਾ.....!!!!